Titus 3

1ਉਨ੍ਹਾਂ ਨੂੰ ਯਾਦ ਕਰਾ ਕਿ ਹਾਕਮਾਂ ਅਤੇ ਅਧਿਕਾਰੀਆਂ ਦੇ ਅਧੀਨ ਹੋਣ ਅਤੇ ਆਗਿਆਕਾਰੀ ਬਣੇ ਰਹਿਣ ਅਤੇ ਹਰੇਕ ਭਲੇ ਕੰਮ ਲਈ ਤਿਆਰ ਰਹਿਣ । 2ਕਿਸੇ ਦੀ ਬਦਨਾਮੀ ਨਾ ਕਰਨ, ਝਗੜਾਲੂ ਨਹੀਂ ਸਗੋਂ ਨਮਰ ਸੁਭਾਓ ਦੇ ਹੋਣ ਅਤੇ ਸਭ ਮਨੁੱਖਾਂ ਨਾਲ ਪੂਰੀ ਨਰਮਾਈ ਨਾਲ ਵਿਵਹਾਰ ਕਰਨ ।

3ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਮੂਰਖ, ਅਣ-ਆਗਿਆਕਾਰੀ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਈਰਖਾ ਦਾ ਜੀਵਨ ਬਤੀਤ ਕਰਦੇ ਸੀ, ਅਸੀਂ ਘਿਣਾਉਣੇ ਅਤੇ ਇੱਕ ਦੂਜੇ ਦੇ ਵੈਰੀ ਸੀ ।

4ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੀ ਕਿਰਪਾ ਅਤੇ ਪਿਆਰ ਜੋ ਮਨੁੱਖਾਂ ਦੇ ਨਾਲ ਸੀ, ਸਾਡੇ ਉੱਤੇ ਪਰਗਟ ਹੋਇਆ । 5ਤਾਂ ਉਸ ਨੇ ਧਾਰਮਿਕਤਾ ਦੇ ਕੰਮਾਂ ਕਰਕੇ ਨਹੀਂ ਜੋ ਅਸੀਂ ਕੀਤੇ ਸਗੋਂ ਆਪਣੀ ਦਯਾ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਵਿੱਚ ਨਵੀਨੀਕਰਨ ਦੁਆਰਾ ਨਵੇਂ ਜਨਮ ਦੇ ਰਾਹੀਂ ਸਾਨੂੰ ਬਚਾਇਆ ।

6ਜਿਸ ਨੂੰ ਉਸ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਵਧੇਰੇ ਵਹਾਇਆ । 7ਤਾਂ ਜੋ ਅਸੀਂ ਉਸ ਦੀ ਕਿਰਪਾ ਨਾਲ ਧਰਮੀ ਠਹਿਰ ਕੇ ਸਦੀਪਕ ਜੀਵਨ ਦੀ ਆਸ ਵਿੱਚ ਵਾਰਿਸ ਹੋਈਏ ।

8ਇਹ ਬਚਨ ਸੱਚ ਹੈ ਅਤੇ ਮੈਂ ਇਹੋ ਚਾਹੁੰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਦੇ ਬਾਰੇ ਦਲੇਰੀ ਨਾਲ ਬੋਲਿਆ ਕਰ ਕਿ ਜਿਨ੍ਹਾਂ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਹੈ ਉਹ ਭਲੇ ਕੰਮਾਂ ਵਿੱਚ ਲੱਗੇ ਰਹਿਣ । ਇਹ ਗੱਲਾਂ ਭਲੀਆਂ ਅਤੇ ਮਨੁੱਖਾਂ ਦੇ ਲਾਭ ਦੀਆਂ ਹਨ ।

9ਪਰ ਮੂਰਖਤਾ ਦੇ ਸਵਾਲਾਂ ਅਤੇ ਕੁਲਪੱਤ੍ਰੀਆਂ ਅਤੇ ਝਗੜਿਆਂ ਅਤੇ ਉਨ੍ਹਾਂ ਬਖੇੜਿਆਂ ਤੋਂ ਜਿਹੜੇ ਬਿਵਸਥਾ ਦੇ ਬਾਰੇ ਹੋਣ ਉਹਨਾਂ ਤੋਂ ਦੂਰ ਰਹਿ, ਕਿਉਂ ਜੋ ਇਹ ਬੇਫ਼ਲ ਅਤੇ ਵਿਅਰਥ ਹਨ । 10ਜਿਹੜਾ ਮਨੁੱਖ ਪਖੰਡੀ ਹੋਵੇ ਉਸ ਨੂੰ ਇੱਕ ਦੋ ਵਾਰੀ ਚਿਤਾਵਨੀ ਦੇ ਕੇ ਉਸ ਤੋਂ ਦੂਰ ਰਹਿ । 11ਕਿਉਂ ਜੋ ਤੂੰ ਜਾਣਦਾ ਹੈਂ ਕਿ ਇਹੋ ਜਿਹਾ ਮਨੁੱਖ ਰਾਹ ਤੋਂ ਭਟਕ ਗਿਆ ਹੈ ਅਤੇ ਪਾਪ ਕਰਦਾ, ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ ।

12ਜਦੋਂ ਮੈਂ ਅਰਤਿਮਿਸ ਜਾਂ ਤੁਖਿਕੁਸ ਨੂੰ ਤੇਰੇ ਕੋਲ ਭੇਜਾਂ ਤਾਂ ਤੂੰ ਨਿਕੁਪੁਲਿਸ ਵਿੱਚ ਮੇਰੇ ਕੋਲ ਆਉਣ ਦਾ ਜਤਨ ਕਰੀਂ ਕਿਉਂ ਜੋ ਮੈਂ ਉੱਥੇ ਸਿਆਲ ਕੱਟਣ ਦਾ ਇਰਾਦਾ ਕੀਤਾ ਹੈ । 13ਉਪਦੇਸ਼ਕ ਜ਼ੇਨਸ ਅਤੇ ਅਪੁੱਲੋਸ ਨੂੰ ਕੋਸ਼ਿਸ਼ ਕਰ ਕੇ ਪਹਿਲਾਂ ਭੇਜ ਦੇਵੀਂ ਕਿ ਉਹਨਾਂ ਨੂੰ ਕਿਸੇ ਵਸਤੂ ਦੀ ਘਾਟ ਨਾ ਹੋਵੇ ।

14ਅਤੇ ਸਾਡੇ ਲੋਕਾਂ ਨੂੰ ਵੀ ਇਹ ਸਿੱਖਣਾ ਚਾਹੀਦਾ ਹੈ ਕਿ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਚੰਗੇ ਕੰਮ ਕਰਨ ਵਿੱਚ ਮਨ ਲਾਉਣ ਤਾਂ ਜੋ ਉਹ ਬੇਫ਼ਲ ਨਾ ਰਹਿਣ ।

15ਜੋ ਮੇਰੇ ਨਾਲ ਹਨ, ਸਾਰੇ ਤੇਰੀ ਸੁੱਖ-ਸਾਂਦ ਪੁੱਛਦੇ ਹਨ । ਜਿਹੜੇ ਵਿਸ਼ਵਾਸ ਕਾਰਨ ਸਾਡੇ ਨਾਲ ਪਿਆਰ ਰੱਖਦੇ ਹਨ ਉਹਨਾਂ ਨੂੰ ਸੁੱਖ-ਸਾਂਦ ਆਖੀਂ । ਤੁਹਾਡੇ ਸਭਨਾਂ ਉੱਤੇ ਕਿਰਪਾ ਹੁੰਦੀ ਰਹੇ ।

Copyright information for PanULB